ਨਜ਼ਮ~
ਸਮਾਜ ਦੇ ਉਸ ਹਿੱਸੇ ਦੇ ਨਾਂ ਜੋ ਮਰਦਮ-ਸ਼ੁਮਾਰੀ ਤੋਂ ਬਿਨਾ ਹੋਰ ਕਿਸੇ ਗਿਣਤੀ ਵਿੱਚ ਨਹੀਂ ਆਉਦਾ.....
ਅਸੀਂ ਔੜਾਂ ਵਿੱਚ ਜੰਮੇ
ਅਸੀਂ ਭੱਖੜੇ ਦੇ ਜਾਏ
ਸਾਡੇ ਰੁੱਸੇ ਨੇ ਨਸੀਬ
ਅਸੀ ਪੀੜਾਂ ਪਰਣਾਏ

ਸਾਡੇ ਹੱਥਾਂ ਵਿੱਚ ਛਾਲੇ
ਪੈਰਾਂ 'ਚ ਬਿਆਈਆਂ
ਉਹ ਰਾਹ ਕੰਡਿਆਲੇ
ਜਿਹੜੇ ਸਾਡੇ ਹਿੱਸੇ ਆਏ

ਅਸੀਂ ਝੱਖੜਾਂ ਨੇ ਝੰਬੇ
ਅਸੀਂ ਧੁੱਪਾਂ ਵਿੱਚ ਰੜ੍ਹੇ
ਪਾਉਣ ਨ੍ਹੇਰਿਆਂ  ਨੂੰ ਮਾਤ
ਸਾਡੇ ਅਡੇ ਗੂੜ੍ਹੇ ਸਾਏ

ਅਸੀਂ ਧਰਤੀ ਦੇ ਕੀੜੇ
ਪਲ਼ੇ ਵਿੱਚ ਸੜਹਾਂਦ
ਸਾਨੂੰ ਧਰਤੀ ਦਾ ਨਰਕ 
ਕਹਿਣ ਮਹਿਲਾਂ ਦੇ ਜਾਏ

ਨੀਲਾ ਅੰਬਰ ਵੀ ਸਾਡਾ
ਸਾਵੀ ਧਰਤੀ ਵੀ ਸਾਡੀ
ਕਿੱਥੇ ਚੱਪਾ ਉਹ ਜ਼ਮੀਨ
ਜੋ ਸਾਡੀ ਕਹਿਲਾਏ

ਮਾਰ ਸਬਰਾਂ ਦਾ ਫੱਕਾ
ਪਏ ਲੱਭਦੇ ਹਾਂ ਰੋਟੀ
ਮਹਿਲਾਂ ਵਾਲ਼ਿਆਂ  ਦੇ ਘਰ
ਜਿਹੜੀ ਕੁੱਤਾ ਵੀ ਨਾ ਖਾਏ

ਸਾਡੇ ਹਿੱਸੇ ਆਈ ਅੱਧੀ
ਕਦੇ ਦੇਖੀ ਨਹੀਂਓਂ ਪੂਰੀ
ਖ਼ੌਰੇ ਕਿਹੋ ਜਿਹੀ ਹੋਣੀ
ਜਿਹੜੀ ਰੋਟੀ ਕਹਿਲਾਏ

ਕਿਤੇ ਸੜਦਾ ਏ ਅੰਨ
ਕਿਤੇ ਬਾਟਾ ਧੁਰੋਂ ਖਾਲੀ
ਕਿੱਥੇ ਹੈ ਉਹ ਰੱਬ? 
ਜਿਸ ਟੇਢੇ ਗੁਣੇ ਪਾਏ

ਉਹ ਕਿਹੜੀ ਏ ਕਿਤਾਬ 
ਜਿੱਥੇ ਲਿਖੇ ਨੇ ਨਸੀਬ
ਅੱਗ ਲਾ ਸਾੜ ਦੇਈਏ
ਜੇ ਹੱਥ ਕਿਤੇ ਆਏ

ਸਾਡਾ ਪੱਥਰਾਂ ਤੇ ਸੌਣ 
ਥੱਲੇ ਕੀੜਿਆਂ ਦੇ ਭੌਣ
ਹੌਕਾ ਮਿੱਟੀ ਜਦੋਂ ਭਰੇ
ਸਾਡੀ ਹਿੱਕ 'ਚ ਸਮਾਏ

ਅਸੀਂ ਔੜਾਂ ਵਿੱਚ ਜੰਮੇ
ਅਸੀਂ ਭੱਖੜੇ ਦੇ ਜਾਏ
ਸਾਡੇ ਰੁੱਸੇ ਕਿਉ  ਨਸੀਬ ? 
ਕਿਉ  ਪੀੜਾਂ ਪਰਣਾਏ?

ਬਲਜੀਤ ਮਲਹਾਂਸ ***