********ਗ਼ਜ਼ਲ /ਕੁਲਵਿੰਦਰ 'ਕੰਵਲ '*********
ਕਦੋਂ, ਕਿੱਦਾਂ ਭਲਾ ਇਹ ਸੁਲਝਣੇ ਸਰਕਾਰ ਦੇ ਮਸਲੇ
ਕਦੇ ਤਿਰਸ਼ੂਲ ਦੇ ਮਸਲੇ, ਕਦੇ ਤਲਵਾਰ ਦੇ ਮਸਲੇ
ਉਹ ਆਟਾ ਦਾਲ਼ ਦਿੰਦੇ ਨੇ ਗਰੀਬਾਂ ਨੂੰ ਭਲਾ ਕਾਹਤੋਂ,
ਪਰੋਖੇ ਕਰਨ ਅੱਖੋਂ ਉਹ ਸਦਾ ਰੁਜ਼ਗਾਰ ਦੇ ਮਸਲੇ

ਬਣਾਏ ਬੰਬ ਪਰਮਾਣੂ ਜਿਨ੍ਹੇ ਦੁਨੀਆ ਡਰੌਣੇ ਨੂੰ,
ਉਠਾਉਂਦਾ ਹੈ ਉਹੀ ਯੂ ਐਨ ਵਿਚ ਹਥਿਆਰ ਦੇ ਮਸਲੇ
ਲਹੂ ਭਿੱਜੇ ਜਿਸਮ ਹਰ ਰੋਜ਼ ਦਮ ਤੋੜਨ ਡਗਰ ਉੱਤੇ,
ਬੁਲਾਵਾ ਮੌਤ ਨੂੰ ਦਿੰਦੇ ਨੇ ਇਹ ਰਫ਼ਤਾਰ ਦੇ ਮਸਲੇ

ਤਮਾਸ਼ਾ ਜੱਗ ਦਾ ਬਣਦੇ, ਹਸਾਈ ਰੱਜ ਕੇ ਹੁੰਦੀ,
ਪਰ੍ਹੇ ਪੰਚਾਇਤ ਵਿਚ ਜਾਂਦੇ ਜਦੋਂ ਪਰਿਵਾਰ ਦੇ ਮਸਲੇ
ਘਰਾਂ ਵਿੱਚੋਂ ਹੈ ਮਨਫੀ ਹੋ ਰਿਹਾ, ਇਤਫ਼ਾਕ ਹੁਣ ਵੇਖੋ,
ਕੋਈ ਰੋਕੋ ! ਘਰਾਂ ਵਿਚ ਵੜ ਰਹੇ ਬਾਜ਼ਾਰ ਦੇ ਮਸਲੇ

ਕਿਤੇ ਧੀਆਂ ਦੀ ਪਤ ਰੁਲਦੀ, ਕਦੇ ਤੇਜ਼ਾਬ ਸਾੜੇ ਤਨ,
ਵਧੀ ਜਾਂਦੇ ਦਿਨੋਂ ਦਿਨ ਗਿਰ ਰਹੇ ਕਿਰਦਾਰ ਦੇ ਮਸਲੇ
ਅਖੌਤੀ ਗੀਤਕਾਰਾਂ ਨੇ , ਪੰਜਾਬੀ ਰੋਲ ਦਿੱਤੀ ਹੈ 
ਸਗੋਂ ਮੌਜੂ ਬਣਾਉਂਦੇ ਨੇ ਉਹ ਸਭਿਆਚਾਰ ਦੇ ਮਸਲੇ

ਨਿਗ੍ਹੇਬਾਂ ਸੀ, 'ਕੰਵਲ' ਜਿਹੜਾ, ਉਜਾੜੇ ਬਾਗ ਖੁਦ ਵੇਖੋ,
ਵਿਖਾਵੇ ਲਈ ਉਠਾਉਂਦਾ ਹੈ, ਗੁਲੋ-ਗੁਲਜ਼ਾਰ ਦੇ ਮਸਲੇ
ਕੁਲਵਿੰਦਰ ਕੰਵਲ