ਸੁਰ ਵਿਚ ਜਿਹੜਾ ਕੂਕ ਰਿਹਾ
ਮੈਂ ਹਾਂ ਉਸ ਵੱਜਦੇ ਸਾਜ਼ ਜਿਹੀ
ਇਹ ਕੈਦਾਂ ਤਾਂ ਜਿਸਮਾਨੀ ਨੇ 
ਮੈਂ ਰੂਹੋਂ ਸਦਾ ਆਜ਼ਾਦ ਰਹੀ

ਮੇਰੇ ਪੈਰੀਂ ਭੀੜੀ ਪਗਡੰਡੀ
ਹੈ ਸਿਰ ਤੇ ਅੰਬਰ ਅਸਗਾਹਾ
ਇਹਨਾਂ ਪੈਰਾਂ ਦੇ ਵਿਚ ਬੇੜੀ ਵੀ 
ਹੈ ਝਾਂਜਰ ਦੀ ਆਵਾਜ਼ ਜਿਹੀ

ਲੱਭ ਲੱਭ ਕੇ ਸੰਦਲੀ ਪੈੜਾਂ ਨੂੰ 
ਮੈਂ ਜ਼ਿੰਦਗੀ ਮੱਥੇ ਖੁਣਿਆ ਹੈ
ਟੁੱਟੇ ਖੰਭਾਂ ਨਾਲ ਵੀ ਹਾਂ ਮੈਂ 
ਭਰਦੀ ਹਰ ਪਰਵਾਜ਼ ਰਹੀ

ਲੱਖ ਪਰ ਮੇਰੇ ਤੂੰ ਕੱਟ ਵੇਖੇ
ਮੈਂ ਫ਼ਿਰ ਵੀ ਅੰਬਰੀਂ ਉੱਡਦੀ ਹਾਂ
ਤੇਰੀ ਤੁਹਮਤ ਮੇਰੇ ਮੇਚ ਨਹੀਂ
ਮੈਂ ਹਾਂ ਅਣਸੁਲਝੇ ਰਾਜ਼ ਜਿਹੀ

ਉਮਰਾਂ ਵਾਲੇ ਵਣਜਾਂ ਵਿਚ
ਚਾਹੇ ਹਾਰਾਂ ਬਾਜ਼ੀ ਸਾਹਵਾਂ ਦੀ
ਮੈਂ ਇਕ ਇਕ ਸਾਹ ਤੇ ਲੜਦੀ ਵੀ
ਹਾਂ ਤੇਰੇ ਸਿਰ ਦਾ ਤਾਜ ਰਹੀ