ਜਿਨ੍ਹਾਂ ਕਮੀਆਂ ਵਿੱਚ ਮੈਂ ਪਲਿਆ, ਵੱਡਾ ਹੋਇਆ
ਉਹਨਾਂ ਕਮੀਆਂ ਦੀ ਤਕਲੀਫ਼ ਦਾ ਅਹਿਸਾਸ ਮੇਰੇ ਆਪਣੇ ਨਾ ਕਰਨ 
ਇਹ ਸੋਚ ਲੈ ਕੇ ਮੈਂ ਨਿਤ-ਦਿਨ ਤੁਰ ਪੈਂਦਾ ਹਾਂ
ਝੁਕੇ ਹੋਏ ਮੋਢਿਆਂ ਉੱਪਰ
ਥਕੇ ਹੋਏ ਦਿਮਾਗ ਨਾਲ 
ਭਾਰੇ ਕਦਮਾਂ ਨੂੰ ਖਿੱਚਦਾ ਹੋਇਆ 
ਜ਼ਿੰਮੇਦਾਰੀਆਂ ਦਾ ਬੋਝ ਲਈ
ਮੈਂ ਨਿਰੰਤਰ ਚੱਲ ਰਿਹਾ ਹਾਂ

ਸ਼ਾਮ ਨੂੰ ਮੁੜਦਾ ਹੈ ਘਰ 
ਦਰਵਾਜ਼ੇ ’ਤੇ ਸਵਾਗਤ ਕਰਦੀ ਹੈ 
ਧੀ ਰਾਣੀ ਮਿੱਠੀ ਮੁਸਕਾਨ 
ਪਾਣੀ ਦੇ ਗਲਾਸ ਦੇ ਨਾਲ 
ਵਿਹੜੇ ਵਿਚ ਬੈਠੀ ਪਤਨੀ 
ਸਵਾਲੀ ਨਜ਼ਰਾਂ ਨਾਲ ਤਕਦੀ ਹੋਈ
ਜਿਵੇਂ ਪੁੱਛਦੀ ਹੋਵੇ 

ਇਨੇ ਥੱਕੇ ਮੋਢੇ ਕਿਉਂ ਨੇ 
ਇਨੇ ਭਾਰੀ ਕਦਮ ਕਿਉਂ ਚੱਲ ਰਿਹਾ ਹਾਂ ਮੈਂ 
ਕੋਲ ਬੈਠਾ ਪੁੱਤਰ ਦੇਖ ਰਿਹਾ ਮਾਂ-ਬਾਪ ਦੋਹਾਂ ਦੇ ਮੁੱਖ ਵੱਲ 
ਜਿਵੇਂ ਕਹਿਣਾ ਚਾਹੁੰਦਾ ਹੋਵੇ
ਫਿਕਰ ਨਾ ਕਰੋ 
ਮੈਂ ਵੰਡ ਲਵਾਂਗਾ ਭਾਰ ਮੋਢਿਆਂ ਦਾ 
ਮੈਂ ਪੈਰਾਂ ਦੀ ਤਕਲੀਫ਼ ਸਮਝਦਾ ਹਾਂ 

ਸਭ ਮੈਨੂੰ ਆਪਣੇ ਆਪਣੇ
ਆਪਣੇ-ਪਨ ਦਾ ਅਹਿਸਾਸ ਕਰਵਾਉਣ ਵਿਚ ਯਤਨਸ਼ੀਲ ਹਨ
ਆਪਣੀਆਂ ਆਪਣੀਆਂ ਖਵਾਇਸ਼ ਨੂੰ ਲੁਕੋ ਕੇ 
ਸਭ ਝੂਠੀ ਮੁਸਕਾਨ ਦੇ ਰਹੇ ਨੇ 
ਅੱਖਾਂ ਵਿਚਲੀ ਨਮੀ ਨੂੰ ਮੈਂ ਲੁਕੋਣ ਦੀ ਕੋਸ਼ਿਸ਼ ਵਿਚ 
ਸਖ਼ਤ ਹੋ ਰਿਹਾ ਹਾਂ ਮੈਂ ਸਭਨਾ ਨਾਲ 
ਪਰ ਅੰਦਰੋਂ ਮੈਂ ਡਰਦਾ ਹਾਂ 
ਮੇਰੀ ਅੱਖਾਂ ਦੀ ਨਮੀ ਦੇਖ ਨਾ ਲੈਣ ਇਹ ਸਭ

ਧੀ ਰਾਣੀ ਰੋਟੀ ਪਰੋਸ ਰਹੀ ਹੈ 
ਇਕ ਕੋਲੀ ਦਾਲ ਦੇ ਨਾਲ 
ਠੰਡੇ ਪਾਣੀ ਦੇ ਗਲਾਸ ਦੇ ਨਾਲ 
ਪੱਖੇ ਦੀ ਹਵਾ ਮੈਨੂੰ ਆਵੇ 
ਇਸ ਲਈ ਕੁਰਸੀ ਪੱਖੇ ਥੱਲੇ ਲਾ ਦਿੱਤੀ ਹੈ 

ਮੈਂ ਗਰਾਹੀ ਭਨੀ ਹੈ 
ਇਕ ਕਟੋਰੀ ਦਾਲ ਵਿਚ ਲਾਉਣ ਲਈ 
ਪਰ ਕੋਲ ਪਈ ਫਿਕਰਾਂ ਦੀ ਕਟੋਰੀ ਵਿਚ ਬੁਰਕੀ ਡੁਬੋ ਡੁਬੋ 
ਨਿਗਲ ਰਿਹਾ ਹਾਂ ਮੈਂ 

ਪੁਤ ਨੂੰ ਪੜਾਉਣ ਦਾ ਫਿਕਰ 
ਧੀ ਨੂੰ ਪੜਾ-ਲਿਖਾ ਕੇ ਪਰਾਏ ਘਰ ਤੋਰਨ ਦਾ ਫਿਕਰ 
ਜਿਸ ਨੇ ਜ਼ਿੰਦਗੀ ਕੱਟ ਲਈ ਮੇਰੀ ਅਧਿ ਅਧੂਰੀ ਕਮਾਈ ਵਾਲੀ ਜ਼ਿੰਦਗੀ ਨਾਲ 
ਇਸ ਮਰਜਾਣੀ ਨੂੰ ਆਖਰੀ ਵਕ਼ਤ ਕੁਝ ਚੰਗਾ ਦੇਣ ਦਾ ਫਿਕਰ

ਉਗਲ ਨਿਗਲ ਕੇ ਰੋਟੀ ਮੁਕਾ ਕੇ 
ਮੈਂ ਮੰਜਾ ਲੱਭ ਲੈਂਦਾ ਹਾਂ 
ਨੀਂਦ ਨਹੀਂ ਆਉਂਦੀ 
ਕਿਉਂਕਿ ਹੁਣ ਹੈ ਕੱਲ੍ਹ ਦੇ ਨਵੇਂ ਦਿਨ ਦਾ ਫਿਕਰ 
ਉਂਗਦਿਆਂ , ਪਾਸੇ ਮਾਰਦਿਆਂ
ਕਦ ਅੱਖ ਲੱਗੀ ਤੇ ਕਦ ਸੂਰਜ ਚੜ ਆਇਆ ਸਿਰ ਤੇ 
ਪਤਾ ਨਹੀਂ ਚਲ ਰਿਹਾ 

ਤਿਆਰ ਹੋ ਕੇ 
ਭਾਰੀ ਕਦਮਾਂ ਤੇ ਡਿੱਗੇ ਮੋਢਿਆਂ ਨਾਲ ਮੈਂ ਫਿਰ ਤੁਰ ਪੈਂਦਾ ਹਾਂ 
ਜ਼ਿੰਮੇਦਾਰੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਵਿਚ 
ਪਰਿਵਾਰ ਨੂੰ ਖੁਸ਼ੀਆਂ ਤੇ ਸੁਰੱਖਿਆ ਦੇਣ ਕੀ ਕੋਸ਼ਿਸ਼ ਵਿਚ 
ਕਦ ਪੁੜ-ਪੁੜੀਆਂ ਵਿਚਲੀ ਕਾਲਸ ਸਿਆਹ ਹੋ ਗਈ 
ਮੈਨੂੰ ਤਾ ਪਤਾ ਵੀ ਨਹੀਂ ਚਲਿਆ 

ਅੱਜ ਸ਼ੀਸ਼ਾ ਦੇਖਿਆ ਤਾ ਅਹਿਸਾਸ ਹੋਇਆ 
ਮੇਰੇ ਝੁਕੇ ਮੋਢੇ 
ਮੇਰੀ ਪੁੜ-ਪੁੜੀਆਂ ਦੀ ਸਿਆਹ ਪੱਟੀ 
ਮੈਨੂੰ ਖੁੱਦਾਰ ਹੋਣ ਦਾ ਇਸ਼ਾਰਾ ਦੇ ਰਹੀ ਹੈ 
ਮੈਂ ਚੱਲ ਰਿਹਾ ਹਾਂ 
ਨਿਰੰਤਰ ਅਨਥਕ 

ਰੁਪਿੰਦਰ ਸੰਧੂ