ਉਹਦਾ... 
ਹਰ ਸਿਤਮ ਸਹਿ ਕੇ 
ਹਰ ਜ਼ਖ਼ਮ ਲੈ ਕੇ
ਖ਼ਾਮੋਸ਼ ਹੋ ਜਾਂਦੀ ਏ 
ਬਸ....
ਧੁਰ ਅੰਦਰ ਤੱਕ ਚੁੱਪ
ਪਰ...
ਇਸ ਚੁੱਪ ਵਿੱਚ 
ਅਕਸਰ... 
ਇੱਕ ਸ਼ੋਰ ਹੁੰਦਾ ਏ
ਕਦੇ ਨਾ-ਸੁਣਾਈ ਦੇਣ ਵਾਲਾ ਸ਼ੋਰ
ਤਿੜਕ ਰਿਹਾ ਹੁੰਦਾ ਏ
ਅੰਦਰ ਹੀ ਅੰਦਰ ਕੁਝ
ਕਿਸੇ ਸ਼ੀਸ਼ੇ ਦੇ...
ਆਪਣੇ ਹੀ ਵਜ਼ੂਦ ਦੇ 
ਤਿੜਕਣ ਵਾਂਗ
ਸਾਗਰ ਦੇ...
ਗੱਭ ਚੋਂ ਉੱਠੇ
ਕਿਸੇ ਕੁਦਰਤੀ ਲਾਵੇ ਵਾਂਗ
ਕਿਸੇ ਝੀਰੀ ਦੀ... 
ਭੱਠੀ ਵਿੱਚ ਭੁੱਜਦੇ 
ਦਾਣਿਆਂ ਵਾਂਗ
ਤੇ ਫਿਰ ਜਦੋਂ...
ਇਹ 'ਬੇਦਰਦਾ ਦਰਦ'
ਹੱਦੋਂ ਵੱਧ ਜਾਂਦਾ ਏ 
ਤਾਂ...
ਬੰਦ ਅੱਖਾਂ ਨਾਲ ਹੀ
ਸੀਨੇ ਤੇ ਹੱਥ ਰੱਖ
ਚੀਸ ਜਿਹੀ ਵੱਟੀੇ 
ਕਾਲਜੇ ਵਿੱਚੋਂ ਰੁੱਗ ਭਰ
ਬਾਹਰ ਕੱਢਦੀ ਆ ਕਲਮ
ਕੁਝ ਅਣਬੁਝੇ ਕੋਲਿਆਂ ਨੂੰ
ਹੁਣ ਉਹ...
ਇਹਨਾਂ ਕੋਲਿਆਂ ਨਾਲ
ਬੇਤੁਕੀਆਂ ਜਿਹੀਆਂ 
ਲੀਕਾਂ ਵਾਹੁੰਦੀ
ਚੁੱਪ-ਚਾਪ 
ਅੱਗੇ ਵਧਦੀ ਜਾ ਰਹੀ ਏ
ਕਿਸੇ ਖ਼ਾਮੋਸ਼ ਨਦੀ ਦੀ ਤਰ੍ਹਾਂ
ਉਹਦੀ... 
ਇਹ ਚੁੱਪ
ਇਹ ਖ਼ਾਮੋਸ਼ੀ 
ਸਿਰਜਦੀ ਏ 
ਆਪਮੁਹਾਰੇ ਹੀ
ਇੱਕ 'ਦਰਦਮੰਦ ਨਜ਼ਮ'
ਤੇ....
'ਦਰਦਾਂ ਦੀ ਇਹ ਮਲਹਮ'
ਇਹ ਨਜ਼ਮ
ਬੜੀ ਹੀ ਕਾਰਗਰ
ਸਿੱਧ ਹੁੰਦੀ ਆ
ਕੋਸੇ ਹੰਝੂਆਂ ਦੀ
ਟਕੋਰ ਤੋਂ ਬਾਅਦ
ਜੀਤ ਸੁਰਜੀਤ ਬੈਲਜੀਅਮ