#ਕਿਸ਼ਾਂਵਲ
ਇਸ ਸਫਰ ਦੇ
ਆਦਿ ਬਿੰਦੂ ਤੋਂ ਪਹਿਲਾਂ
ਪੈਰਾਂ ਨੇ ਬਹੁਤ ਕੁਝ ਜਰਿਆ-
ਰੇਤ
ਕੰਕਰ
ਕੰਡੇ
ਰਾਹਗੀਰ ਜੋ ਵੀ ਮਿਲਦਾ
ਛੋਹ ਲੈਂਦਾ
ਉਮਰਾਂ ਦੀ ਸਾਂਝ ਜੇਹੀ ਬਾਤ !
...ਤੇ ਮੈਂ
ਖੋਹਲ ਲੈਂਦੀ ਉਸ ਸਾਹਵੇਂ
ਮੋਢੇ ਰੱਖੀ ਪੋਟਲੀ ...
ਤੇ ਅਕਸਰ ਹੀ
ਆਪਣੀ ਲੋੜ ਦਾ ਸਮਾਨ ਚੁਣ
ਰਾਹਗੀਰ ਉਹ
'ਅਲਵਿਦਾ' ਆਖ
ਓਝਲ ਹੋ ਜਾਂਦਾ
ਬਹੁਤ ਕੁਝ ਜੁੜਦਾ ਰਿਹਾ
ਬੜਾ ਕੁਝ ਭੁਰਦਾ ਰਿਹਾ
ਉਮਰਾਂ ਚੱਲ ਕੇ ਵੀ
ਉਥੇ ਹੀ ਖੜੀ ਸਾਂ
'ਆਦਿ ਬਿੰਦੂ' ਤੋਂ ਉਰਾਂ
ਸਵੈ ਵੱਲ ਸਫਰ ਤਾਂ ਅਜੇ
ਸ਼ੁਰੂ ਨਹੀਂ ਸੀ ਹੋਇਆ-
ਹੁਣ ਉਹ ਪੋਟਲੀ ਵੀ ਨਹੀਂ
ਤੇ ਜੁੜੇ ਭੁਰੇ ਸਮਾਨ ਦਾ
ਹੁਲਾਸ ਤੇ ਹਰਖ ਵੀ ਨਹੀਂ
ਹਾਂ ! ਇਹ 'ਆਦਿ ਬਿੰਦੂ' ਹੈ
ਸਵੈ ਵੱਲ ਸਫਰ ਦਾ ਆਦਿ ਬਿੰਦੂ !!!
 ਕਰਮਜੀਤ ਕੌਰ ਕਿਸ਼ਾਂਵਾਲ