ਗਜ਼ਲ
ਅਪਣੀ ਅਪਣੀ ਕਿਉਂ ਨਾ ਲਗਦੀ, ਜੋ ਥਾਂ ਹਿੱਸੇ ਆਈ ਹੈ,
ਕੌਣ ਅਸਾਡਾ ਅੰਬਰ ਖੋਹੇ, ਕਿਸਨੇ ਧਰਤ ਵੰਡਾਈ ਹੈ।

ਇਕ ਇਕ ਕਰਕੇ ਸੱਭੇ ਹੀ, ਰੁੱਤਾਂ ਸਿਰ ਤੋਂ ਲੰਘ ਗਈਆਂ
ਜਿਹੜੀ ਰੁੱਤੇ ਫੁੱਲ ਖਿੜੇ ਸਨ, ਰੁੱਤ ਨ ਮੁੜ ਕੇ ਆਈ ਹੈ।

ਮਨ ਮੇਰੇ ਦੀ ਸਰਦਲ ਉੱਤੇ,ਦੀਵਾ ਧਰ ਗਿਉਂ ਚਹੁਮੁਖੀਆ
ਸੋਚ ਮਿਰੀ ਦੇ ਹਰ ਰਸਤੇ ਤੇ, ਓਸੇ ਦੀ ਰੁਸ਼ਨਾਈ ਹੈ।

ਇਕ ਇਕ ਕਰਕੇ ਕਿਉਂ ਹੱਥਾਂ 'ਚੋਂ, ਰਿਸ਼ਤੇ ਕਿਰਦੇ ਜਾਂਦੇ ਨੇ
ਸਾਂਝ-ਮੁਹੱਬਤ ਸਾਡੀ ਵਿਚ, ਇਹ ਲੀਕ ਜਿਹੀ ਕਿਸ ਪਾਈ ਹੈ।

ਦਿਲ ਇਹ ਚਾਹੁੰਦੈ ਬੱਦਲ ਬਰਸੇ,ਸਾਰਾ ਕੁਝ ਹੀ ਧੋ ਜਾਵੇ
ਮਨ ਮੇਰੇ ਦੇ ਅੰਬਰ ਤੇ ਇਹ, ਗਰਦ ਜਿਹੀ ਜੁ ਛਾਈ ਹੈ।

ਰਮਨਪ੍ਰੀਤ ਕੌਰ