ਕੀ ਦੇਵਾਂ ਪਰਿਭਾਸ਼ਾ ਇਹਨੂੰ

ਕਿਹੜਾ ਇਸ ਰਿਸ਼ਤੇ ਦਾ ਨਾਂ ਹੈ

ਤੇਰੀ ਧੁੱਪ ਕੁਝ ਮੈਂ ਵੰਡੀ ਹੈ

ਮੇਰੇ ਸਿਰ ਤੇ ਤੇਰੀ ਛਾਂ ਹੈ

ਦੋਵੇਂ ਪੱਤਣ ਛੂਹ ਕੇ ਗੁਜ਼ਰੇ

ਨਦੀ ਕਿਸੇ ਦਾ ਨੀਰ ਜਿਵੇਂ

ਮਿਲਕੇ ਜੋ ਨਾ ਮਿਲਦੇ ਕੰਢੇ

ਉਹਨਾਂ ਵਰਗੀ ਸਾਡੀ ਥਾਂ ਹੈ

ਐਵੇਂ ਹੀ ਨਹੀਂ ਢੋਈ ਜਾਂਦੀ

ਸਿਰ ਤੇ ਚੁੱਕੀ ਪੰਡ ਨ੍ਹੇਰੇ ਦੀ

ਰੂਹ ਦੇ ਆਲ਼ੇ ਦੀਵਾ ਜਗਦਾ

ਚਿਹਰਾ ਹੁੰਦਾ ਰੋਸ਼ਨ ਤਾਂ ਹੈ

ਮਨ ਮੇਰਾ ਜਦ ਟੁਕੜੇ ਹੋ ਕੇ

ਏਧਰ ਓਧਰ ਭਟਕਣ ਲੱਗੇ

ਜਿਹੜਾ ਇਹਨੂੰ ਆ ਕੇ ਜੋੜੇ

ਉਹ ਇਕੋ ਬੱਸ ਤੇਰਾ ਨਾਂ ਹੈ

ਸੈਆਂ ਮੀਲਾਂ ਗਾਹ ਆਉਂਦੀ ਹਾਂ

ਆਸ ਕਿਸੇ ਦਾ ਦੀਵਾ ਫੜ੍ਹਕੇ

ਮੇਰੇ ਪੈਂਡੀਂ ਨਾਲ ਜੋ ਤੁਰਦਾ

ਉਹ ਤੂੰ, ਤੇਰਾ ਪਰਛਾਵਾਂ ਜਾਂ ਹੈਂ